ਜੈਤੋ ਦਾ ਮੋਰਚਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਜੈਤੋ ਦਾ ਮੋਰਚਾ: ਫ਼ਰੀਦਕੋਟ ਜ਼ਿਲ੍ਹੇ ਦੇ ‘ਜੈਤੋ ’ ਨਾਂ ਦੇ ਨਗਰ ਦੀ ਸਿੱਖ ਇਤਿਹਾਸ ਵਿਚ ਬੜੀ ਮਹੱਤਵਪੂਰਣ ਥਾਂ ਹੈ ਕਿਉਂਕਿ ਇਥੇ ਗੁਰੂ ਗੋਬਿੰਦ ਸਿੰਘ ਜੀ ਆਏ ਸਨ। ਆਜ਼ਾਦੀ ਤੋਂ ਪਹਿਲਾਂ ਜੈਤੋ ਨਾਂ ਦਾ ਕਸਬਾ ਰਿਆਸਤ ਨਾਭਾ ਵਿਚ ਸ਼ਾਮਲ ਸੀ। ਇਹ ਬਠਿੰਡਾ ਨਗਰ ਤੋਂ ਲਗਭਗ 27 ਕਿ.ਮੀ. ਦੀ ਵਿਥ ਉਤੇ ਬਠਿੰਡਾ-ਫ਼ਰੀਦਕੋਟ ਸੜਕ ਉਤੇ ਸਥਿਤ ਹੈ। 9 ਜੁਲਾਈ 1923 ਈ. ਨੂੰ ਨਾਭਾ ਦੇ ਮਹਾਰਾਜਾ ਰਿਪੁਦਮਨ ਸਿੰਘ ਨੂੰ, ਗੁਰਦੁਆਰਾ ਸੁਧਾਰ ਲਹਿਰ ਦਾ ਪੱਖੀ ਹੋਣ ਕਰਕੇ ਅਤੇ ਮਹਾਰਾਜਾ ਪਟਿਆਲਾ ਨਾਲ ਚਲੇ ਵਿਵਾਦ ਕਾਰਣ, ਗੱਦੀ ਛੱਡਣ ਲਈ ਮਜ਼ਬੂਰ ਕਰ ਦਿੱਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਹਾਰਾਜੇ ਦੇ ਹੱਕ ਵਿਚ ਆਵਾਜ਼ ਉਠਾਈ; ਜਲਸੇ ਹੋਏ ਅਤੇ ਜਲੂਸ ਕਢੇ ਗਏ। ਸਰਕਾਰ ਨੇ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਲਗਭਗ 60 ਮੈਂਬਰ 13-14 ਅਕਤੂਬਰ 1923 ਈ. ਦੀ ਰਾਤ ਨੂੰ ਫੜ ਲਏ।

            ਉਧਰ ਜੈਤੋ ਦੇ ਸਥਾਨਕ ਸਿੰਘਾਂ ਨੇ 14 ਸਤੰਬਰ 1923 ਈ. ਨੂੰ ਗੁਰਦੁਆਰਾ ਗੰਗਸਰ ਵਿਖੇ ਅਖੰਡ-ਪਾਠ ਰਖ ਦਿੱਤਾ। ਸਰਕਾਰ ਨੇ ਉਥੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਅਤੇ ਪਾਠੀ ਸਿੰਘ ਨੂੰ ਚੁਕਵਾ ਦਿੱਤਾ ਅਤੇ ਗੁਰਦੁਆਰੇ ਵਿਚ ਦਾਖ਼ਲ ਹੋਣ’ਤੇ ਪਾਬੰਦੀ ਲਗਾ ਦਿੱਤੀ। ਅਖੰਡ-ਪਾਠ ਵਿਚ ਵਿਘਨ ਪੈਣ ਅਤੇ ਗੁਰਦੁਆਰੇ ਵਿਚ ਦਾਖ਼ਲ ਨ ਹੋ ਸਕਣ ਦੇ ਵਿਰੋਧ ਵਿਚ ਸਿੱਖਾਂ ਨੇ ਮੋਰਚਾ ਲਗਾ ਦਿੱਤਾ। ਇਸ ਮੋਰਚੇ ਦਾ ਉਦੇਸ਼ ਸੀ ਕਿ ਅਖੰਡ-ਪਾਠ ਫਿਰ ਸ਼ੁਰੂ ਕੀਤਾ ਜਾਏ। 25 ਸਤੰਬਰ 1923 ਈ. ਤੋਂ ਅਖੰਡ-ਪਾਠ ਆਰੰਭ ਕਰਨ ਲਈ ਹਰ ਰੋਜ਼ ਅਕਾਲ-ਤਖ਼ਤ ਤੋਂ 25, 25 ਸਿੰਘਾਂ ਦੇ ਜੱਥੇ ਜਾਣੇ ਸ਼ੁਰੂ ਹੋਏ। ਇਨ੍ਹਾਂ ਸਿੰਘਾਂ ਨੂੰ ਪਕੜ ਕੇ ਰਾਜਸਥਾਨ ਵਿਚ ਜਾਂ ਦੂਰ ਦੁਰਾਡੇ ਜੰਗਲਾਂ ਵਿਚ ਛੱਡ ਦਿੱਤਾ ਜਾਂਦਾ। ਇਸ ਮੋਰਚੇ ਦਾ ਤਸਲੀਬਖ਼ਸ਼ ਸਿੱਟਾ ਨ ਨਿਕਲਦਾ ਵੇਖ ਕੇ ਪ੍ਰਬੰਧਕਾਂ ਨੇ 9 ਫਰਵਰੀ 1924 ਈ. ਨੂੰ ਬਸੰਤ-ਪੰਚਮੀ ਵਾਲੇ ਦਿਨ 25 ਦੀ ਥਾਂ 500 ਸਿੰਘਾਂ ਦਾ ਜੱਥਾ ਜੱਥੇਦਾਰ ਊਧਮ ਸਿੰਘ ਗੋਲ੍ਹਵੜ ਦੀ ਜੱਥੇਦਾਰੀ ਅਧੀਨ ਅਕਾਲ-ਤਖ਼ਤ ਤੋਂ ਤੋਰਿਆ ਜੋ 21 ਫਰਵਰੀ 1924 ਈ. ਨੂੰ ਜੈਤੋ (ਗੁਰਦੁਆਰਾ ਟਿੱਬੀ ਸਾਹਿਬ) ਪਹੁੰਚਿਆ। ਸਰਕਾਰ ਵਲੋਂ ਜੱਥੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ , ਪਰ ਜਦੋਂ ਜੱਥਾ ਨ ਰੁਕਿਆ ਤਾਂ ਗੋਲੀ ਚਲਾ ਦਿੱਤੀ ਗਈ। ਫਲਸਰੂਪ, ਸ਼੍ਰੋਮਣੀ ਕਮੇਟੀ ਦੇ ਕਥਨ ਅਨੁਸਾਰ ਇਕ ਸੌ ਸਿੰਘ ਅਤੇ ਹੋਰਨਾਂ ਅਨੁਸਾਰ ਪੰਜਾਹ ਸਿੰਘ ਸ਼ਹੀਦ ਹੋਏ। ਉਨ੍ਹਾਂ ਸਿੰਘਾਂ ਦਾ ਇਕਠਿਆਂ ਸਸਕਾਰ ਕਰ ਦਿੱਤਾ ਗਿਆ ਅਤੇ ਉਨ੍ਹਾਂ ਦੀਆਂ ਅਸਥੀਆਂ ਨੂੰ ਇਕ ਘੜੇ ਵਿਚ ਪਾ ਕੇ ‘ਗੁਰਦੁਆਰਾ ਅੰਗੀਠਾ ਸਾਹਿਬ’ ਵਾਲੀ ਥਾਂ ਹੇਠ ਰਖ ਦਿੱਤਾ ਗਿਆ। ਜ਼ਖ਼ਮੀਆਂ ਦੀ ਵੀ ਕਾਫ਼ੀ ਗਿਣਤੀ ਸੀ। ਬਾਕੀ ਦੇ ਸਿੰਘ ਫੜ ਲਏ ਗਏ। ਇਸ ਗੋਲੀ-ਕਾਂਡ ਪ੍ਰਤਿ ਸਾਰੇ ਦੇਸ਼ ਵਿਚ ਰੋਸ ਮੰਨਾਇਆ ਗਿਆ ਅਤੇ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਸਲਾਹਿਆ ਗਿਆ। ਇਸ ਤੋਂ ਬਾਦ ਵੀ ਜੱਥੇ ਜਾਂਦੇ ਰਹੇ। ਉਨ੍ਹਾਂ ਨੂੰ ਕੇਵਲ ਗ੍ਰਿਫ਼ਤਾਰ ਕੀਤਾ ਜਾਂਦਾ। ਇਨ੍ਹਾਂ ਜੱਥਿਆਂ ਵਿਚ ਕੈਨੇਡਾ, ਹਾਂਗ ਕਾਂਗ, ਸ਼ਿੰਘਾਈ ਆਦਿ ਦੇਸ਼ਾਂ ਤੋਂ ਵੀ ਆ ਕੇ ਸਿੰਘ ਸ਼ਾਮਲ ਹੁੰਦੇ ਰਹੇ। ਸਰਕਾਰ ਨੇ ਸਮਝੌਤੇ ਦਾ ਯਤਨ ਕੀਤਾ, ਪਰ ਅਕਾਲੀ ਦਲ ਨੇ ਸਹਿਯੋਗ ਨ ਦਿੱਤਾ। ਆਖ਼ਿਰ 7 ਜੁਲਾਈ 1925 ਈ. ਨੂੰ ਗੁਰਦੁਆਰਾ ਐਕਟ ਪਾਸ ਹੋਇਆ ਅਤੇ 1 ਨਵੰਬਰ 1925 ਈ. ਨੂੰ ਲਾਗੂ ਕੀਤਾ ਗਿਆ। 9 ਜੁਲਾਈ 1925 ਈ. ਨੂੰ ਜੈਤੋ ਵਿਖੇ ਅਖੰਡ-ਪਾਠ ਦੀ ਖੁਲ੍ਹ ਦੇ ਦਿੱਤੀ ਗਈ। 21 ਜੁਲਾਈ 1925 ਈ. ਨੂੰ ਇਕ ਸੌ ਇਕ ਅਖੰਡ-ਪਾਠਾਂ ਦੀ ਲੜੀ ਸ਼ੁਰੂ ਕੀਤੀ ਗਈ ਜਿਸ ਦਾ ਭੋਗ 6 ਅਗਸਤ 1925 ਈ. ਨੂੰ ਪਿਆ। ਭੋਗ ਉਪਰੰਤ ਸਾਰੇ ਜੱਥੇ ਜੈਤੋ ਤੋਂ ਚਲ ਕੇ 9 ਅਗਸਤ 1925 ਈ. ਨੂੰ ਤਰਨਤਾਰਨ ਇਕੱਠੇ ਹੋਏ ਅਤੇ ਉਥੋਂ ਮੋਰਚੇ ਦੀ ਕਾਮਯਾਬੀ ਵਜੋਂ ਜਲੂਸ ਦੀ ਸ਼ਕਲ ਵਿਚ ਦਰਬਾਰ ਸਾਹਿਬ , ਅੰਮ੍ਰਿਤਸਰ ਪਹੁੰਚੇ ਜਿਥੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਗ੍ਰਿਫ਼ਤਾਰ ਕੀਤੇ ਸਿੰਘਾਂ ਨੂੰ ਰਿਹਾ ਕਰ ਦਿੱਤਾ ਗਿਆ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4095, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਜੈਤੋ ਦਾ ਮੋਰਚਾ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਜੈਤੋ ਦਾ ਮੋਰਚਾ :  ਜੈਤੋ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਦੇ ਖੰਡਨ ਹੋਣ ਦੇ ਵਿਰੋਧ ਵਿਚ ਲਗਾਇਆ ਗਿਆ ਇਕ ਮੋਰਚਾ ਜਿਸ ਵਿਚ ਕਈ ਸਿੱਖ ਸ਼ਹੀਦ ਹੋਏ। ਨਾਭੇ ਦੇ ਮਹਾਰਾਜੇ ਦਾ ਕਿਸੇ ਕਾਰਨ ਪਟਿਆਲੇ ਦੇ ਮਹਾਰਾਜੇ ਨਾਲ ਝਗੜਾ ਚਲ ਰਿਹਾ ਸੀ। ਇਸ ਝਗੜੇ ਦੀ ਤਹਿਕੀਕਾਤ ਲਈ ਸਰਕਾਰ ਨੇ ਅਲਾਹਾਬਾਦ ਹਾਈ ਕੋਰਟ ਦੇ ਜਸਟਿਸ ਸਟੂਅਰਟ ਨੂੰ ਨਿਯੁਕਤ ਕੀਤਾ। ਜੱਜ ਨੇ ਇਸ ਝਗੜੇ ਵਿਚ ਨਾਭੇ ਦੇ ਰਾਜੇ ਦੇ ਬਰਖ਼ਿਲਾਫ ਫ਼ੈਸਲਾ ਦੇ ਦਿੱਤਾ। ਇਸ ਦਾ ਇਕ ਕਾਰਨ ਇਹ ਵੀ ਸੀ ਕਿ ਮਹਾਰਾਜਾ ਨਾਭੇ ਦੇ ਬਹੁਤ ਸਾਰੇ ਨੌਕਰ ਪਟਿਆਲੇ ਦੇ ਰਾਜੇ ਨਾਲ ਮਿਲ ਗਏ ਤੇ ਲੋੜੀਂਦੇ ਕਾਗਜ਼ਾਤ ਉਸ ਨੂੰ ਦੇ ਦਿੱਤੇ। ਸਰਕਾਰ ਦਾ ਬਿਆਨ ਸੀ ਕਿ ਮਹਾਰਾਜਾ ਨਾਭਾ ਨੇ ਆਪ ਗੱਦੀ ਛੱਡੀ ਹੈ ਪਰ ਸਿੰਘਾਂ ਦਾ ਵਿਚਾਰ ਇਹ ਸੀ ਕਿ ਇਹ ਦਬਾਅ ਹੇਠ ਛੁਡਵਾਈ ਗਈ ਹੈ।ਇਸ ਦਾ ਸਬੂਤ ਵੀ ਮਿਲਦਾ ਹੈ ਕਿ ਪੁਲਿਟੀਕਲ ਏਜੰਟ ਨੇ ਮਹਾਰਾਜਾ ਨਾਭਾ ਨੂੰ ਆਪਣੇ ਨਾਬਾਲਗ ਪੁੱਤਰ ਦੇ ਹੱਕ ਵਿਚ ਗੱਦੀ ਛੱਡ ਜਾਣ ਬਾਰੇ ਰਾਜ਼ੀ ਕਰ ਲਿਆ ਸੀ।

       5 ਅਗਸਤ, 1923 ਨੂੰ ਸ਼੍ਰੋਮਣੀ ਕਮੇਟੀ ਨੇ ਮਹਾਰਾਜਾ ਨਾਭਾ ਨੂੰ ਗੱਦੀ ਤੋਂ ਉਤਾਰੇ ਜਾਣ ਵਿਰੁੱਧ ਐਜੀਟੇਸ਼ਨ ਦਾ ਮਤਾ ਪਾਸ ਕਰ ਦਿੱਤਾ ਕਿ “ਸਾਰੇ ਯੋਗ ਤੇ ਪੁਰ-ਅਮਨ ਤਰੀਕਿਆਂ ਨਾਲ ਮਹਾਰਾਜਾ ਨਾਭਾ ਨਾਲ ਹੋਈ ਬੇਇਨਸਾਫ਼ੀ ਨੂੰ ਦੂਰ ਕੀਤਾ ਜਾਏ'' ਅਤੇ 9 ਸਤੰਬਰ, 1923 ਦਾ ‘ਨਾਭਾ ਦਿਵਸ' ਵੱਜੋਂ ਮਨਾਉਣ ਦਾ ਫ਼ੈਸਲਾ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਨੇ ਵੀ ਇਸ ਤਰ੍ਹਾਂ ਦਾ ਹੀ ਐਲਾਨ ਕੀਤਾ। ਇਸ ਦੇ ਨਾਲ ਹੀ ਨਾਭੇ ਦੇ ਸਿੱਖਾਂ ਵੱਲੋਂ ਰਾਜ ਭਰ ਦੇ ਗੁਰਦੁਆਰਿਆਂ ਵਿਚ ਨਿਰੰਤਰ ਪਾਠ ਕਰਨ ਦਾ ਕੰਮ ਆਰੰਭ ਹੋਇਆ।

   ਗੁਰਦੁਆਰਾ ਗੰਗਸਰ, ਜੈਤੋ ਵਿਖੇ 27 ਅਗਸਤ, 1923 ਨੂੰ ਪਿੰਡ ਮੌੜ ਦੇ ਗਿਆਨੀ ਇੰਦਰ ਸਿੰਘ ਨੂੰ ਪੁਲਿਸ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚੋਂ ਗ੍ਰਿਫ਼ਤਾਰ ਕਰਕੇ ਅਖੰਡ ਪਾਠ ਦਾ ਖੰਡਨ ਕਰ ਦਿੱਤਾ। ਸੰਗਤਾਂ ਨੇ ਗੁਰਮਤਾ ਪਾਸ ਕਰ ਦਿੱਤਾ ਕਿ ਜਦ ਤਕ ਅਫ਼ਸਰਸ਼ਾਹੀ ਇਸ ਗੱਲ ਦਾ ਪਸ਼ਚਾਤਾਪ ਨਹੀਂ ਕਰਦੀ, ਦੀਵਾਨ ਕਰਨ ਤੇ ਪਾਠਾਂ ਦਾ ਸਿਲਸਿਲਾ ਜਾਰੀ ਰਹੇਗਾ। ਸ਼੍ਰੋਮਣੀ ਅਕਾਲੀ ਦਲ ਨੇ ਪਹਿਲੀ ਸਤੰਬਰ ਨੂੰ ਗੁਰਦੁਆਰਾ ਗੰਗਸਰ, ਜੈਤੋ ਵਿਚ ਧਾਰਮਿਕ ਦੀਵਾਨ ਕਰਨ ਦੀ ਆਜ਼ਾਦੀ ਦਾ ਹੱਕ ਬਹਾਲ ਕਰਨ ਵਾਸਤੇ ਜੱਥਾ ਭੇਜਿਆ।

  ਇਹ ਜੱਥਾ ਗ੍ਰਿਫ਼ਤਾਰ ਕਰ ਕੇ ਦੂਜੇ ਦਿਨ ਛੱਡ ਦਿੱਤਾ ਗਿਆ। ਇਹੋ ਜਿਹੇ ਜੱਥੇ ਕੁਝ ਚਿਰ ਜਾਂਦੇ ਰਹੇ। ਇਸ ਮਾਮਲੇ ਨੂੰ 4 ਸਤੰਬਰ, 1923 ਦੀ ਸ਼੍ਰੋਮਣੀ ਕਮੇਟੀ ਦੀ ਮੀਟਿੰਗ ਨੇ ਆਪਣੇ ਹੱਥ ਵਿਚ ਲੈ ਲਿਆ।

  11 ਸਤੰਬਰ ਨੂੰ 110 ਸਿੱਖਾਂ ਦਾ ਜੱਥਾ ਜੈਤੋ ਗਿਆ। 14 ਸਤੰਬਰ ਨੂੰ ਇਕ ਹੋਰ ਜੱਥਾ 102 ਸਿੰਘਾਂ ਦਾ ਗੁ. ਗੰਗਸਰ ਵਿਖੇ ਗਿਆ ਜਿਥੇ ਦੀਵਾਨ ਕਰ ਕੇ ਮਹਾਰਾਜੇ ਦੀ ਬਹਾਲੀ ਲਈ ਤਕਰੀਰਾਂ ਕੀਤੀਆਂ ਗਈਆਂ ਤੇ ਅਖੰਡ ਪਾਠ ਰਖਿਆ ਗਿਆ। ਅਖੰਡ ਪਾਠ ਜਾਰੀ ਸੀ ਕਿ ਰਿਆਸਤ ਦੀ ਬਾਵਰਦੀ ਪੁਲਿਸ ਆਈ ਅਤੇ 30 ਅਕਾਲੀ ਆਗੂ ਤੇ 30 ਪਾਠੀ ਸਿੰਘ ਗ੍ਰਿਫ਼ਤਾਰ ਕਰ ਲਏ ਗਏ। ਅਖੰਡ ਪਾਠ ਖੰਡਿਤ ਹੋ ਗਿਆ। ਇਸ ਘਟਨਾ ਉਪਰੰਤ ਸ਼੍ਰੋਮਣੀ ਕਮੇਟੀ ਨੇ ਮੋਰਚੇ ਨੂੰ ਹੋਰ ਵੀ ਗਰਮ ਕਰ ਦਿੱਤਾ।

        15 ਸਤੰਬਰ, 1923 ਤੋਂ 25 ਸਿੰਘਾਂ ਦਾ ਜੱਥਾ ਹਰ ਰੋਜ਼ ਜਾਣਾ ਸ਼ੁਰੂ ਹੋ ਗਿਆ। ਇਹ ਸਿਲਸਿਲਾ ਲਗਭਗ ਸੱਤ ਮਹੀਨੇ ਤਕ ਚਲਦਾ ਰਿਹਾ। ਪੁਲਿਸ ਵੱਲੋਂ ਜੱਥਿਆਂ ਨੂੰ ਲਾਰੀਆਂ ਵਿਚ ਪਾ ਕੇ ਸੈਂਕੜੇ ਮੀਲਾਂ ਦੀ ਦੂਰੀ ਤੇ ਛੱਡ ਦਿੱਤਾ ਜਾਂਦਾ ਰਿਹਾ।ਇਸ ਸਾਰੀ ਕਾਰਵਾਈ ਦੀ ਜ਼ਿੰਮੇਵਾਰੀ ਨਾਭਾ ਦੇ ਅਫ਼ਸਰ ਗੁਰਦਿਆਲ ਸਿੰਘ ਉੱਤੇ ਸੁੱਟੀ ਗਈ ਅਤੇ ਅਕਾਲ ਤਖ਼ਤ ਤੋਂ ਹੁਕਮਨਾਮਾ ਜਾਰੀ ਕਰ ਕੇ ਉਸ ਨੂੰ ਸਿੱਖੀ ਤੋਂ ਖਾਰਜ ਕਰ ਦਿੱਤਾ ਗਿਆ।

   ਇਹ ਮੋਰਚਾ ਕਾਫ਼ੀ ਮਹੀਨੇ ਚਲਦਾ ਰਿਹਾ। ਫ਼ਿਰ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਨੂੰ 13 ਅਕਤੂਬਰ, 1923 ਨੂੰ ਗ਼ੈਰ ਕਾਨੂੰਨੀ ਕਰਾਰ ਦੇ ਦਿੱਤਾ ਗਿਆ। ਅਕਾਲੀ ਲੀਡਰਾਂ ਦੇ ਗ੍ਰਿਫ਼ਤਾਰ ਹੋਣ ਮਗਰੋਂ 17 ਅਕਤੂਬਰ, 1923 ਨੂੰ ਸ਼੍ਰੋਮਣੀ ਕਮੇਟੀ ਦੀ ਨਵੀਂ ਅੰਤਰਿਮ ਕਮੇਟੀ ਬਣੀ। ਸੱਤ ਜਨਵਰੀ, 1924 ਨੂੰ ਦੂਜੀ ਕਮੇਟੀ ਵੀ ਗ੍ਰਿਫ਼ਤਾਰ ਕਰ ਲਈ ਗਈ।ਫ਼ਿਰ ਤੀਜੀ ਕਮੇਟੀ ਬਣੀ ਜਿਸ ਨੇ 9 ਫ਼ਰਵਰੀ ਤੋਂ 500 ਸਿੱਖਾਂ ਦਾ ਸ਼ਹੀਦੀ ਜੱਥਾ ਜੈਤੋ ਭੇਜਣ ਦਾ ਐਲਾਨ ਕੀਤਾ। ਇਹ ਜੱਥਾ 5 ਫ਼ਰਵਰੀ, 1924 ਨੂੰ ਅਕਾਲ ਤਖ਼ਤ ਤੋਂ ਚਲ ਪਿਆ ਅਤੇ 21 ਫ਼ਰਵਰੀ ਨੂੰ ਜੈਤੋ ਪਹੁੰਚ ਗਿਆ। ਇਸ ਜੱਥੇ ਨਾਲ ਡਾ. ਕਿਚਲੂ ਅਤੇ ਨਿਊਯਾਰਕ ਟਾਈਮਜ਼ ਤੇ ਪ੍ਰਤੀਨਿਧ ਮਿ. ਜਮੰਦ ਵੀ ਸਨ।

  21 ਫ਼ਰਵਰੀ, 1924 ਨੂੰ ਜੱਥੇ ਦੇ ਸਿੰਘਾਂ ਉੱਪਰ ਗੋਲੀ ਚਲਾਈ ਗਈ। ਇਸ ਜੱਥੇ ਵਿਚ 100 ਸਿੰਘ ਸ਼ਹੀਦ ਹੋਏ ਅਤੇ 200 ਦੇ ਲਗਭਗ ਜਖ਼ਮੀ ਹੋਏ। ਇਹ ਕਾਰਵਾਈ ਮਿ.ਵਿਲਸਨ ਜਾਨਸਟਾਨ ਐਡਮਨਿਸਟਰੇਟਰ, ਗੁਰਦਿਆਲ ਸਿੰਘ, ਗਰੇਕਸਨ ਐਸ.ਪੀ. ਫਿਰੋਜ਼ਪੁਰ, ਨਥੂ ਰਾਮ ਚੀਫ਼ ਪੁਲਿਸ ਅਫ਼ਸਰ ਨਾਭਾ ਤੇ ਕਰਨਲ ਬਚਨ ਸਿੰਘ ਫ਼ੌਜੀ ਅਫ਼ਸਰ ਦੀ ਹਾਜ਼ਰੀ ਵਿਚ ਹੋਈ।

   ਸਰਕਾਰ ਵੱਲੋਂ ਇਕ ਬਿਆਨ ਜਾਰੀ ਕੀਤਾ ਗਿਆ ਕਿ ਜੱਥੇ ਉਤੇ ਤਸ਼ੱਦਦ ਤਾਂ ਕੀਤਾ ਗਿਆ ਕਿਉਂਕਿ ਉਹ ਹਥਿਆਰਬੰਦ ਸਨ। ਇਸ ਬਿਆਨ ਦੀ ਤਰਦੀਦ ਮਿ. ਜਮੰਦ, ਡਾਕਟਰ ਕਿਚਲੂ ਤੇ ਗਿਡਵਾਨੀ ਨੇ ਕੀਤੀ। ਇਸ ਅਤਿਆਚਾਰ ਦੀ ਨਿੰਦਾ ਕਰਦਿਆਂ, ਮਦਨ ਮੋਹਨ ਮਾਲਵੀਆ, ਸਨਮੁਖ ਚੈਟਰਜੀ, ਸ਼ਾਹ ਮੁਹੰਮਦ ਯਾਕੂਬ, ਜਿਨਾਹ, ਟੀ. ਰੰਗਾਚਾਰਯ ਆਦਿ 47 ਮੈਂਬਰਾਂ ਨੇ ਅਸੈਂਬਲੀ ਵਿਚ ਤਹਿਰੀਕ ਪੇਸ਼ ਕੀਤੀ ਪਰ ਆਗਿਆ ਨਾ ਮਿਲੀ।

  2 ਮਾਰਚ ਨੂੰ ਕਲੱਕਤਾ ਵਿਖੇ ਭਾਰੀ ਜਲਸਾ ਹੋਇਆ। ਇਸ ਵਿਚ ਸੀ.ਆਰ.ਦਾਸ, ਸ਼ਿਆਮ ਸੁੰਦਰ ਚਕਰਵਰਤੀ, ਮੌਲਵੀ ਨਸੀਰੁਦੀਨ ਆਦਿ ਨੇ ਇਸ ਘਿਨਾਉਣੇ ਜ਼ੁਲਮ ਦੀ ਨਿਖੇਧੀ ਕੀਤੀ। ਇਹੋ ਜਿਹਾ ਜਲਸਾ ਮਦਰਾਸ ਵਿਚ ਆਇੰਸ਼ਰ ਅਤੇ ਟੀ. ਪ੍ਰਕਾਸ਼ਨ ਦੀ ਪ੍ਰਧਾਨਗੀ ਹੇਠ ਵੀ ਹੋਇਆ ਜਿਸ ਨੇ ਇਸ ਦੀ ਭਰਪੂਰ ਨਿੰਦਾ ਕੀਤੀ।

  ਸਰਕਾਰ ਵੱਲੋਂ ਇਸ ਘਟਨਾ ਦੀ ਪੜਤਾਲ ਲਈ ਬਲਵੰਤ ਸਿੰਘ ਨਲੂਆ ਮੈਜਿਸਟਰੇਟ ਨੂੰ ਨਿਯੁਕਤ ਕੀਤਾ ਗਿਆ ਜਿਸ ਨੇ 2 ਮਾਰਚ ਨੂੰ ਪੇਸ਼ ਕੀਤੀ ਰਿਪੋਟ ਵਿਚ ਅਕਾਲੀਆਂ ਨੂੰ ਦੋਸ਼ੀ ਠਹਿਰਾਇਆ। ਇਸ ਤਰ੍ਹਾਂ ਜ਼ੁਲਮ ਹੋਣ ਦੇ ਬਾਵਜੂਦ ਸਿੰਘਾਂ ਦੇ ਹੌਂਸਲੇ ਨਹੀਂ ਘਟੇ ਅਤੇ ਦੂਜੇ ਜੱਥੇ ਵਿਚ ਜਾਣ ਲਈ ਸਿੰਘਾਂ ਦੀ ਗਿਣਤੀ ਵਧਦੀ ਗਈ। ਦੂਜਾ ਜੱਥਾ ਨਾ ਭੇਜੇ ਜਾਣ ਲਈ ਮਹਾਤਮਾ ਗਾਂਧੀ ਨੇ ਵੀ ਅਪੀਲ ਕੀਤੀ। ਦੂਜਾ ਜੱਥਾ 27 ਫ਼ਰਵਰੀ, 1924 ਨੂੰ ਅਕਾਲ ਤਖ਼ਤ ਤੋਂ ਤੁਰਿਆ ਜੋ 9 ਮਾਰਚ, 1924 ਨੂੰ ਜੈਤੋ ਪਹੁੰਚਿਆ। ਜਦ ਦੂਜਾ ਜੱਥਾ ਜੈਤੋ ਪਹੁੰਚਿਆ ਤਾਂ ਮਿ. ਜਾਨਸਟਨ ਫ਼ੌਜ ਸਮੇਤ ਉਥੇ ਹਾਜ਼ਰ ਸੀ। ਮਾਲਵੀਆ ਨੇ ਕਿਹਾ ਕਿ ਜੱਥਾ ਨਿਹੱਥਾ ਹੈ ਤੁਸੀਂ ਗੋਲੀ ਨਹੀਂ ਚਲਾ ਸਕਦੇ। ਇਸ ਤੇ ਜੱਥਾ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਤੋਂ ਬਾਅਦ ਜਾਨਸਟਨ ਨੇ 50-50 ਦੇ ਜੱਥੇ ਨੂੰ ਪਾਠ ਕਰਨ ਦੀ ਆਗਿਆ ਦੇ ਦਿੱਤੀ ਪਰ ਸ਼੍ਰੋਮਣੀ ਕਮੇਟੀ ਨੇ ਇਸ ਨੂੰ ਸਵੀਕਾਰ ਨਾ ਕੀਤਾ।

    ਜੱਥੇ ਚਲਣੇ ਜਾਰੀ ਰਹੇ। ਤੀਸਰਾ ਜੱਥਾ 22 ਮਾਰਚ ਨੂੰ, ਚੌਥਾ 27 ਮਾਰਚ ਨੂੰ, ਪੰਜਵਾਂ 12 ਅਪ੍ਰੈਲ ਨੂੰ , ਛੇਵਾਂ 9 ਮਈ ਨੂੰ, ਸੱਤਵਾਂ 1 ਜੂਨ ਨੂੰ, ਅੱਠਵਾਂ 10 ਜੂਨ ਨੂੰ, ਨੌਵਾਂ 24 ਜੂਨ ਨੂੰ, ਦਸਵਾਂ ਤੇ ਗਿਆਰ੍ਹਵਾਂ 13 ਜੁਲਾਈ ਨੂੰ ਇਕੱਠੇ ਹੀ ਚਲੇ। ਬਾਰ੍ਹਵਾਂ 17 ਅਗਸਤ ਨੂੰ, ਤੇਰ੍ਹਵਾਂ 18 ਸਤੰਬਰ ਨੂੰ, ਚੌਦਵਾਂ 15 ਦਸੰਬਰ ਨੂੰ ਚਲਿਆ। ਪੰਦਰਵਾਂ ਕੈਨੇਡੀਅਨ ਜੱਥਾ ਪ੍ਰਚਾਰ ਕਰਦਾ 1 ਮਾਰਚ, 1925 ਨੂੰ, ਸੋਲ੍ਹਵਾਂ 17 ਅਪ੍ਰੈਲ, 1925 ਨੂੰ ਚਲਿਆ। ਸ਼ਿੰਗਾਈ ਅਤੇ ਹਾਂਗਕਾਂਗ ਦੇ ਜੱਥੇ ਤੋਂ ਬਿਨਾ 27 ਅਪ੍ਰੈਲ, 1925 ਨੂੰ 101 ਸਿੰਘਾਂ ਦਾ ਸਪੈਸ਼ਲ ਜੱਥਾ ਅਕਾਲ ਤਖਤ ਤੋਂ ਚਲਿਆ।

   ਗੁਰਦੁਆਰਾ ਗੰਗਸਰ, ਜੈਤੋ ਵਿਚ ਅਖੰਡ ਪਾਠ ਤੇ ਲਾਈ ਪਾਬੰਦੀ 21 ਜੁਲਾਈ, 1925 ਨੂੰ ਹਟਾ ਲਈ ਗਈ ਜਿਸ ਨਾਲ ਅਖੰਡ ਪਾਠ ਫ਼ਿਰ ਸ਼ੁਰੂ ਹੋਇਆ।  7 ਅਗਸਤ, 1925 ਨੂੰ 101 ਅਖੰਡ ਪਾਠ ਸਮਾਪਤ ਹੋਏ ਅਤੇ ਇਸ ਤਰ੍ਹਾਂ ਜੈਤੋ ਮੋਰਚੇ ਦਾ ਅੰਤ ਹੋਇਆ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2268, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-09-04-11-03-32, ਹਵਾਲੇ/ਟਿੱਪਣੀਆਂ: ਹ. ਪੁ. –ਸ੍ਰੋਮਣੀ ਅਕਾਲੀ ਦਲ-ਦਿਲਗੀਰ; ਹਿ. ਸਿ. –ਖੁਸ਼ਵੰਤ ਸਿੰਘ: 205

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.